Lohri essay in punjabi (ਲੇਖ: ਲੋਹੜੀ) | PDF Download

ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਲੇਖ ਲੋਹੜੀ (lohri essay in punjabi) ਪੰਜਾਬੀ ਵਿੱਚ। ਲੋਹੜੀ ਪੰਜਾਬ ਦੇ ਹਰ ਇੱਕ ਇਲਾਕੇ ਵਿੱਚ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਆਓ ਅੱਜ ਲੋੜੀ ਬਾਰੇ ਸਭ ਕੁਝ ਜਾਣਦੇ ਹਾਂ।


Lohri essay in punjabi

ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਤਿਉਹਾਰ ਤੇ ਮੇਲੇ ਸਮਾਜ ਵਿੱਚ ਭਾਈਚਾਰਿਕ ਸਾਂਝ ਪੈਦਾ ਕਰਦੇ ਹਨ। ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦਿਵਾਲੀ, ਦੁਸਹਿਰਾ ਤੇ ਹੋਲੀ ਦੇ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਦੇਸੀ ਮਹੀਨੇ ਪੋਹ ਦੀ ਆਖ਼ਰੀ ਰਾਤ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੋਹੜੀ ਦਾ ਤਿਉਹਾਰ ਧਰਤੀ 'ਤੇ ਆਏ ਨਵੇਂ ਜੀਅ, ਪੁੱਤਰ ਦੀ ਖ਼ੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ। ਅੱਜ-ਕੱਲ੍ਹ ਸਮਾਜ ਵਿੱਚ ਅਗਾਂਹਵਧੂ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ ਦੋਂਹਾਂ ਦੀ ਹੀ ਲੋਹੜੀ ਮਨਾਉਂਦੇ ਹਨ।

ਪੰਜਾਬ ਖੇਤੀ-ਪ੍ਰਧਾਨ ਰਾਜ ਹੈ। ਜਦੋਂ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ ਤਾਂ ਹਰ ਪਰਿਵਾਰ ਨੂੰ ਬੰਦਿਆਂ ਦੀ ਲੋੜ ਪੈਂਦੀ ਸੀ। ਆਮ ਲੋਕ ਇਸ ਧਾਰਨਾ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਖੇਤੀ-ਬਾੜੀ ਨਾਲ ਘਰ ਵਿੱਚ ਵਧੇਰੇ ਖ਼ੁਸ਼ਹਾਲੀ ਆਵੇਗੀ। ਇਸ ਲਈ ਘਰ ਵਿੱਚ ਪੁੱਤਰ ਦੀ ਆਮਦ ’ਤੇ ਖ਼ੁਸ਼ੀ ਵਜੋਂ ਲੋਹੜੀ ਮਨਾਈ ਜਾਣੀ ਸ਼ੁਰੂ ਹੋ ਗਈ ਭਾਵੇਂ ਕਿ ਅਜੋਕੇ ਸਮਾਜ ਵਿੱਚ ਇਹ ਰੀਤ ਬਦਲਦੀ ਜਾ ਰਹੀ ਹੈ।ਪੁੱਤਰ ਤੇ ਧੀ ਨੂੰ ਬਰਾਬਰ ਮੰਨਿਆ ਜਾਣ ਲੱਗ ਪਿਆ ਹੈ ਪਰੰਤੂ ਲੋਹੜੀ ਦੇ ਤਿਉਹਾਰ ਮੌਕੇ ਬੱਚਿਆਂ ਵੱਲੋਂ ਗਾਏ ਜਾਣ ਵਾਲੇ ਗੀਤਾਂ ਵਿੱਚ ਪੁੱਤਰ ਦੀ ਮੰਗ ਵਾਲੇ ਬੋਲ ਅੱਜ ਵੀ ਸੁਣਾਈ ਦਿੰਦੇ ਹਨ।

ਲੋਹੜੀ ਬਈ ਲੋਹੜੀ,
ਥੋਡਾ ਮੁੰਡਾ ਚੜ੍ਹਿਆ ਘੋੜੀ।
ਘੋੜੀ ਪਈ ਨੱਠ,
ਥੋਡੇ ਹੋਣ ਪੁੱਤਰ-ਪੋਤਰੇ ਸੱਠ।
ਘੋੜੀ ਦੇਵੇ ਵਛੇਰੇ,
ਜੁੱਗ ਜੀਵਣ ਪੁੱਤਰ ਤੇਰੇ।
ਸਾਡੀ ਝੋਲੀ ਪਾ ਦੇ ਪਾਥੀ,
ਤੇਰਾ ਪੁੱਤ ਚੜ੍ਹੇਗਾ ਹਾਥੀ।
ਪਾ ਦੇ ਮਾਈ ਲੋਹੜੀ,
ਜੁਗ-ਜੁਗ ਜੀਵੇ ਤੇਰੀ ਜੋੜੀ।

ਲੋਹੜੀ ਬਾਲਣ ਲਈ ਘਰ-ਘਰ ਤੋਂ ਪਾਥੀਆਂ ਮੰਗਦੇ ਬਾਲਾਂ ਦੀਆਂ ਟੋਲੀਆਂ ਹਰ ਪਰਿਵਾਰ ਨੂੰ ਵਧਣ-ਫੁੱਲਣ ਦੀਆਂ ਅਸੀਸਾਂ ਦੇਣ ਵਾਲੇ ਗੀਤ ਗਾ ਕੇ ਲੋਹੜੀ ਮੰਗਦੀਆਂ ਹਨ।

Lohri essay in punjabi language

ਲੋਹੜੀ ਦੇ ਤਿਉਹਾਰ ਦਾ ਤਿਲਾਂ ਤੇ ਗੁੜ ਨਾਲ ਗੂੜ੍ਹਾ ਸੰਬੰਧ ਹੈ। ਕਿਹਾ ਜਾਂਦਾ ਹੈ ਕਿ  ਤਿਲ  ਅਤੇ ਗੁੜ ਦੀ ਰੋੜੀ ਭਾਵ ਤਿਲ-ਰੋੜੀ ਤੋਂ ਹੌਲੀ-ਹੌਲੀ ਸ਼ਬਦ ਲੋਹੜੀ ਬਣ ਗਿਆ। ਅੱਜ-ਕੱਲ੍ਹ ਇਹ ਤਿਉਹਾਰ ਗੁੜ ਅਤੇ ਤਿਲਾਂ ਦੇ ਨਾਲ-ਨਾਲ ਰਿਓੜੀਆਂ, ਮੂੰਗਫਲੀ, ਮੱਕੀ ਦੀਆਂ ਖਿੱਲਾਂ, ਭੁੱਗਾ, ਤਲੋਏ, ਪਤਾਸੇ, ਮਿਠਿਆਈਆਂ ਅਤੇ ਤਿਲਾਂ ਤੋਂ ਬਣਾਈਆਂ ਵੰਨ-ਸੁਵੰਨੀਆਂ ਚੀਜ਼ਾਂ ਵੰਡ ਕੇ ਮਨਾਇਆ ਜਾਂਦਾ ਹੈ। ਪੁਰਾਣੇ ਸਮੇਂ ਤੋਂ ਹੀ ਲੋਹੜੀ ਦੇ ਤਿਉਹਾਰ ਨੂੰ ਸੱਭਿਆਚਾਰਿਕ ਗੀਤਾਂ ਵਿੱਚ ਸੰਭਾਲਿਆ ਹੋਇਆ ਹੈ।ਲੋਹੜੀ ਵਾਲੇ ਦਿਨ ਭੈਣਾਂ ਆਪਣੇ ਵੀਰ ਦੇ ਘਰ ਪੁੱਤਰ ਦੇ ਜਨਮ 'ਤੇ ਪਰਿਵਾਰ ਦੀ ਵੇਲ ਵਧਣ ਦੀ ਖ਼ੁਸ਼ੀ ਨੂੰ ਗੀਤਾਂ ਰਾਹੀਂ ਪ੍ਰਗਟ ਕਰਦੀਆਂ ਹਨ :

ਵੀਰ ਘਰ ਪੁੱਤ ਜੰਮਿਆ,
ਚੰਨ ਚੜ੍ਹਿਆ ਬਾਪ ਦੇ ਵਿਹੜੇ।

ਪਿੰਡਾਂ ਵਿੱਚ ਇਸ ਤਿਉਹਾਰ ਨੂੰ ਸਾਂਝੀ ਥਾਂ, ਪਿੰਡ ਦੀ ਸੱਥ ਵਿੱਚ ਪਾਥੀਆਂ ਤੇ ਲੱਕੜਾਂ ਦੀ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਲੋਹੜੀ ਵਾਲੀ ਰਾਤ ਨੂੰ ਠੰਢ ਦਾ ਬਹੁਤ ਜ਼ੋਰ ਹੁੰਦਾ ਹੈ। ਪਰਿਵਾਰ ਦਾ ਹਰ ਜੀਅ ਇਸਤਰੀਆਂ, ਬੱਚੇ ਤੇ ਬਜ਼ੁਰਗ ਬਲਦੀ ਹੋਈ ਲੋਹੜੀ ਦੁਆਲੇ ਬੈਠ ਕੇ ਨਿੱਘ ਦਾ ਅਨੰਦ ਮਾਣਦੇ ਹਨ। ਇਸਤਰੀਆਂ ਬਲਦੀ ਲੋਹੜੀ ਵਿੱਚ ਤਿਲ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ :

ਈਸ਼ਰ ਆਏ ਦਲਿੱਦਰ ਜਾਏ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।

ਪੋਹ ਦੇ ਮਹੀਨੇ ਸਰਦੀ ਵਧੇਰੇ ਹੁੰਦੀ ਹੈ । ਇਸ ਲਈ ਘਰ-ਪਰਿਵਾਰ ਅਤੇ ਖੇਤੀ ਦਾ ਕੋਈ ਵੀ ਕੰਮ ਚੰਗੀ ਤਰ੍ਹਾਂ ਨੇਪਰੇ ਨਹੀਂ ਚੜ੍ਹਦਾ। ਜ਼ਿਆਦਾ ਠੰਢ ਨਾਲ ਹਰ ਜੀਅ ਆਲਸੀ ਹੋ ਜਾਂਦਾ ਹੈ। ਲੋਹੜੀ ਤੋਂ ਦੂਸਰੇ ਦਿਨ ਪੋਹ ਚੜ੍ਹ ਜਾਂਦਾ ਹੈ। ਦਿਨ ਨਿੱਘੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸਤਰੀਆਂ ਪਰਿਵਾਰ ਦੇ ਜੀਆਂ ਨੂੰ ਉੱਦਮੀ ਬਣਾਉਣ ਦੀ ਮੰਗ ਕਰਦੀਆਂ ਦਲਿੱਦਰ ਨੂੰ ਅਗਨੀ-ਭੇਟ ਕਰ ਦਿੰਦੀਆਂ ਹਨ।

Lohri essay in punjabi language

ਲੋਹੜੀ ਦੁਆਲੇ ਬੈਠੇ ਲੋਕਾਂ ਵਿੱਚੋਂ ਕੋਈ ਵਡੇਰੀ ਉਮਰ ਦਾ ਬਜ਼ੁਰਗ ਲੋਕ-ਕਥਾਵਾਂ ਦੇ ਬੀਰ- ਨਾਇਕ ਦੁੱਲਾ-ਭੱਟੀ ਦੀ ਕਥਾ ਸੁਣਾਉਂਦਾ ਹੈ। ਲੋਕ-ਕਥਾਵਾਂ ਵਿੱਚ ਕਿਹਾ ਜਾਂਦਾ ਹੈ ਕਿ ਦੁੱਲਾ- ਭੱਟੀ ਨੇ ਲੋਹੜੀ ਵਾਲੇ ਦਿਨ ਗ਼ਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਰਵਾ ਕੇ ਸ਼ਗਨ ਵਜੋਂ ਪੱਲੇ ਵਿੱਚ ਸੱਕਰ ਪਾ ਕੇ, ਉਹਨਾਂ ਦਾ ਡੋਲਾ ਤੋਰਿਆ ਸੀ। ਇਸ ਲਈ ਘਰਾਂ ਤੋਂ ਲੋਹੜੀ ਮੰਗਦੇ ਬੱਚੇ ਇਸ ਬੀਰ-ਨਾਇਕ ਨੂੰ ਅੱਜ ਵੀ ਯਾਦ ਕਰਦੇ ਹਨ :

ਸੁੰਦਰ-ਮੁੰਦਰੀਏ - ਹੋ,
ਤੇਰਾ ਕੌਣ ਵਿਚਾਰਾ - ਹੋ,
ਦੁੱਲਾ ਭੱਟੀ ਵਾਲਾ - ਹੋ,
ਦੁੱਲੇ ਦੀ ਧੀ ਵਿਆਹੀ – ਹੋ,
ਸੇਰ ਸ਼ੱਕਰ ਪਾਈ - ਹੋ

ਲੋਹੜੀ ਵਾਲੇ ਦਿਨ ਜਿੱਥੇ ਇਸਤਰੀਆਂ ਕਈ ਪ੍ਰਕਾਰ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਉਂਦੀਆਂ ਹਨ ਉੱਥੇ ਲੋਹੜੀ ਵਾਲੀ ਰਾਤ ਨੂੰ ਮੋਠ-ਬਾਜਰੇ ਤੇ ਦਾਲ-ਚਾਵਲਾਂ ਦੀ ਖਿਚੜੀ ਵੀ ਰਿੰਨ੍ਹੀ ਜਾਂਦੀ ਹੈ। ਇਹ ਖਿਚੜੀ ਪਰਿਵਾਰ ਦੇ ਸਾਰੇ ਜੀਅ ਮਾਘ ਦੀ ਸੰਗਰਾਂਦ ਨੂੰ ਸਵੇਰੇ ਵੇਲੇ ਇਸ਼ਨਾਨ ਕਰ ਕੇ ਖਾਂਦੇ ਹਨ। ਇਸ ਨੂੰ‘ਪੋਹ ਰਿੱਧੀ, ਮਾਘ ਖਾਧੀ' ਕਿਹਾ ਜਾਂਦਾ ਹੈ। ਇਹ ਕਹਾਵਤ ਬੁਝਾਰਤ ਦੇ ਰੂਪ ਵਿੱਚ ਵੀ ਪ੍ਰਚਲਿਤ ਹੋ ਗਈ ਹੈ।

ਲੋਹੜੀ ਦਾ ਤਿਉਹਾਰ ਨਵ-ਜਨਮੇ ਬਾਲਾਂ ਨਾਲ ਜੁੜਿਆ ਹੋਇਆ ਹੈ। ਨਵ-ਜੰਮੇ ਬਾਲ ਨੂੰ ਸੁਘੜ-ਸੁਜਾਨ ਭੈਣਾਂ, ਭੂਆਂ, ਚਾਚੀਆਂ, ਮਾਮੀਆਂ, ਮਾਸੀਆਂ, ਦਰਾਣੀਆਂ ਤੇ ਜਿਠਾਣੀਆਂ ਪੁਸ਼ਾਕਾਂ ਤੇ ਖਿਡੌਣੇ ਤੋਹਫ਼ੇ ਵਜੋਂ ਦਿੰਦੀਆਂ ਹਨ। ਪਰਿਵਾਰ ਵਿੱਚੋਂ ਬਾਲ ਦੀ ਦਾਦੀ, ਨਾਨੀ, ਮਾਂ ਅਤੇ ਭੈਣਾਂ, ਗੁੜ ਦੀਆਂ ਭੇਲੀਆਂ ਭੰਨ ਕੇ ਰੋੜੀਆਂ ਬਣਾਉਂਦੀਆਂ ਹਨ। ਇਹ ਗੁੜ ਸਗਨ ਵਜੋਂ ਗਲੀ-ਮੁਹੱਲੇ ਤੇ ਪਿੰਡ ਵਿੱਚ ਵੰਡਿਆ ਜਾਂਦਾ ਹੈ। ਇਸ ਮੌਕੇ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ਭੈਣਾਂ ਵੀਰ ਦੀ ਲੰਮੀ ਉਮਰ ਲਈ ਦੁਆਵਾਂ ਕਰਦੀਆਂ ਹਨ।

ਲੋਹੜੀ ਦੇ ਗੁੜ ਦੀਆਂ,
ਮਿੱਠੀਆਂ-ਮਿੱਠੀਆਂ ਰੋੜੀਆਂ।
ਜੁਗ-ਜੁਗ ਜਿਊਂਣ ਮਾਂਏਂ,
ਭਰਾਵਾਂ ਦੀਆਂ ਜੋੜੀਆਂ।  

ਲੋਹੜੀ ਦਾ ਤਿਉਹਾਰ ਸ਼ਹਿਰਾਂ ਵਿੱਚ ਵੀ ਗਲੀ-ਮੁਹੱਲੇ ਵਿੱਚ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ।ਕੁਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਪਰਿਵਾਰ ਦੇ ਮਿੱਤਰਾਂ-ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਸ਼ਹਿਰਾਂ ਵਿੱਚ ਲੋਹੜੀ-ਮੇਲੇ ਵੀ ਲਗਦੇ ਹਨ। ਉਂਞ ਵੀ ਇਹ ਤਿਉਹਾਰ ਸੱਭਿਆਚਾਰਿਕ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਆਮ ਤੌਰ ’ਤੇ ਲੋਕ ਲੋਹੜੀ ਦਾ ਤਿਉਹਾਰ ਸਾਦੇ ਢੰਗ ਨਾਲ ਲੋਹੜੀ ਬਾਲ ਕੇ, ਗੁੜ ਤੇ ਰਿਓੜੀਆਂ ਵੰਡ ਕੇ ਮਨਾਉਂਦੇ ਹਨ। ਦਾਦਾ, ਨਾਨਾ, ਮਾਮੇ, ਮਾਸੜ, ਫੁੱਫੜ, ਚਾਚੇ, ਤਾਏ ਸਭ ਇਸਤਰੀਆਂ ਤੇ ਬੱਚੇ ਪਰਿਵਾਰ ਦੇ ਸਨੇਹੀਆਂ ਨਾਲ ਰਲ-ਮਿਲ ਕੇ ਲੋਹੜੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹਨ। ਬਲਦੀ ਹੋਈ ਲੋਹੜੀ ਦੁਆਲੇ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ। ਇਸ ਮੌਕੇ ਨਵੀਆਂ ਵਿਆਹੀਆਂ ਜੋੜੀਆਂ ਲੋਹੜੀ ਵਿੱਚ ਤਿਲ ਪਾ ਕੇ ਅਸੀਸਾਂ ਲੈਂਦੀਆਂ ਹਨ।

Lohri essay in punjabi

ਲੋਹੜੀ ਦਾ ਤਿਉਹਾਰ ਦਿਨੋ-ਦਿਨ ਹਰਮਨ-ਪਿਆਰਾ ਹੁੰਦਾ ਜਾ ਰਿਹਾ ਹੈ। ਇਸ ਲਈ ਅੱਜ-ਕੱਲ੍ਹ ਗੁਆਂਢੀ ਰਾਜਾਂ, ਹਰਿਆਣਾ, ਰਾਜਸਥਾਨ ਅਤੇ ਦੇਸਾਂ-ਵਿਦੇਸ਼ਾਂ ਵਿੱਚ, ਜਿੱਥੇ ਕਿਧਰੇ ਵੀ ਪੰਜਾਬੀ ਵੱਸਦੇ ਹਨ, ਉਹਨਾਂ ਵੱਲੋਂ ਇਹ ਤਿਉਹਾਰ ਚਾਵਾਂ ਨਾਲ ਮਨਾਇਆ ਜਾਣ ਲੱਗ ਪਿਆ ਹੈ।ਖ਼ੁਸ਼ੀ ਦੀ ਗੱਲ ਇਹ ਵੀ ਹੈ ਕਿ ਬਦਲ ਰਹੇ ਸਮਾਜ ਵਿੱਚ ਪੁੱਤਰਾਂ ਦੇ ਨਾਲ-ਨਾਲ ਧੀਆਂ ਦੀ ਲੋਹੜੀ ਵੀ ਮਨਾਈ ਜਾਣੀ ਸ਼ੁਰੂ ਹੋ ਗਈ ਹੈ। ਉਹ ਦਿਨ ਦੂਰ ਨਹੀਂ ਜਦੋਂ ‘ਲੋਹੜੀ’ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ।