Baisakhi essay in punjabi
ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਲੇਖ ਵਿਸਾਖੀ (baisakhi essay in punjabi) ਪੰਜਾਬੀ ਵਿੱਚ। ਵਿਸਾਖੀ ਦਾ ਪੰਜਾਬ ਦੇ ਇਤਿਹਾਸ ਵਿੱਚ ਬੜਾ ਡੂੰਗਾ ਮਹੱਤਵ ਹੈ, ਆਓ ਅੱਜ ਉਸ ਬਾਰੇ ਜਾਣਦੇ ਹਾਂ।
ਭੂਮਿਕਾ - ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਥਾਂ- ਥਾਂ 'ਤੇ ਲੱਗਦਾ ਹੈ। ਇਹ ਤਿਉਹਾਰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਪੰਜਾਬ ਭਰ ਵਿੱਚ ਮਨਾਇਆ ਜਾਂਦਾ ਹੈ।
ਪੰਜਾਬ ਦੇ ਮੇਲੇ - ਪੰਜਾਬ ਵਿੱਚ ਵੱਖ-ਵੱਖ ਰੁੱਤਾਂ, ਤਿਉਹਾਰਾਂ ਅਤੇ ਇਤਿਹਾਸਕ ਤੇ ਧਾਰਮਿਕ ਉਤਸਵਾਂ ਨਾਲ਼ ਸੰਬੰਧਤ ਬਹੁਤ ਸਾਰੇ ਮੇਲੇ ਲੱਗਦੇ ਹਨ ਜੋ ਪੰਜਾਬੀ ਸੱਭਿਆਚਾਰ ਵਿਚ ਬੜੀ ਮਹੱਤਤਾ ਰੱਖਦੇ ਹਨ। ਇਹ ਮੇਲੇ ਖ਼ੁਸ਼ੀ ਤੇ ਰੰਗੀਨੀ ਪੈਦਾ ਕਰਦੇ ਹਨ ਅਤੇ ਲੋਕਾਈ ਵਿੱਚ ਇੰਨੇ ਹਰਮਨ ਪਿਆਰੇ ਹਨ ਕਿ ਇਨ੍ਹਾਂ ਨੂੰ ਵੇਖਣ ਦਾ ਚਾਅ ਲੋਕ ਗੀਤਾਂ ਵਿੱਚ ਵੀ ਅੰਕਿਤ ਹੈ-
ਮੇਰਾ ਕੱਲੀ ਦਾ ਜੀਅ ਨਹੀਂ ਲੱਗਦਾ, ਵੇ ਲੈ ਚੱਲ ਮੇਲੇ ਨੂੰ।ਚੱਲ ਚੱਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੱਕ ਲਊਂ।
ਮੇਲਾ ਦੇਖਣ ਜਾਣਾ - ਇਹ ਮੇਲਾ ਸਮੂਹ ਪੰਜਾਬੀਆਂ ਦੁਆਰਾ ਬੜੇ ਚਾਵਾਂ ਨਾਲ਼ ਮਨਾਇਆ ਜਾਂਦਾ ਹੈ।ਇਸ ਵਿਸਾਖੀ 'ਤੇ ਮੈਂ ਅਤੇ ਮੇਰੇ ਮਿੱਤਰਾਂ ਨੇ ਵੀ ਮੇਲਾ ਵੇਖਣ ਦਾ ਮਨ ਬਣਾਇਆ। ਅਸੀਂ ਰਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਬੱਚੇ, ਬੁੱਢੇ ਅਤੇ ਨੌਜਵਾਨ ਮੇਲਾ ਦੇਖਣ ਜਾ ਰਹੇ ਸਨ। ਬੱਚਿਆਂ ਨੇ ਆਪਣੇ ਮਾਂ-ਬਾਪ ਦੀਆਂ ਉਂਗਲੀਆਂ ਫੜੀਆਂ ਹੋਈਆਂ ਸਨ ਤੇ ਉਹਨਾਂ ਵਿੱਚ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀ। ਸਭ ਨੇ ਨਵੇਂ ਕੱਪੜੇ ਪਾਏ ਹੋਏ ਸਨ ਅਤੇ ਚਹਿਚਹਾਉਂਦੇ ਹੋਏ ਮੇਲੇ ਜਾ ਰਹੇ ਸਨ। ਇਸ ਦੌਰਾਨ ਅਸੀਂ ਦੇਖਿਆ ਕਿ ਕਿਸਾਨ ਕਣਕਾਂ ਦੀ ਵਾਢੀ ਦਾ ਸ਼ਗਨ ਕਰ ਰਹੇ ਸਨ। ਖੇਤਾਂ ਵਿੱਚ ਕਣਕਾਂ ਇਸ ਤਰ੍ਹਾਂ ਲੱਗ ਰਹੀਆਂ ਸਨ ਜਿਵੇਂ ਕਿਸੇ ਨੇ ਸੋਨਾ ਖਿਲਾਰ ਦਿੱਤਾ ਹੋਵੇ।
ਇਤਿਹਾਸਕ ਪਿਛੋਕੜ - ਵਿਸਾਖੀ ਸਾਡੇ ਦੇਸ਼ ਦਾ ਪੁਰਾਣਾ ਤਿਉਹਾਰ ਹੈ।ਇਸ ਨੂੰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ।ਇਸ ਤਿਉਹਾਰ ਦਾ ਸੰਬੰਧ ਇੱਕ ਇਤਿਹਾਸਕ ਘਟਨਾ ਨਾਲ਼ ਵੀ ਹੈ। ਇਸ ਦਿਨ 1699 ਈ: ਨੂੰ ਸ੍ਰੀ ਗੁਰੂਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਨ੍ਹਾਂ ਨੇ ਇਸ ਦਿਨ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਸੀ ਤੇ ਆਪ ਉਹਨਾਂ ਕੋਲੋਂ ਅੰਮ੍ਰਿਤ ਛਕਿਆ ਸੀ। ਉਸ ਤੋਂ ਬਾਅਦ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਦੀ ਇਕ ਖ਼ੂਨੀ ਘਟਨਾ ਵੀ ਇਸ ਨਾਲ਼ ਜੁੜ ਗਈ। 13 ਅਪਰੈਲ 1919 ਈਸਵੀ ਨੂੰ ਵਿਸਾਖੀ ਵਾਲ਼ੇ ਦਿਨ ਜ਼ਾਲਮ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿਚ ਗੋਲੀਆਂ ਚਲਾ ਕੇ ਹਜ਼ਾਰਾਂ ਨਿਹੱਥੇ ਭਾਰਤੀਆਂ ਨੂੰ ਗੋਲੀਆਂ ਨਾਲ਼ ਭੁੰਨ ਦਿੱਤਾ ਸੀ।
ਮੇਲੇ ਦਾ ਦ੍ਰਿਸ਼ - ਅਸੀਂ ਸਾਰੇ ਮਿੱਤਰ ਗੱਲਾਂ ਕਰਦੇ-ਕਰਦੇ ਮੇਲੇ ਪੁੱਜ ਗਏ।ਮੇਲੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਸਭ ਪਾਸੇ ਰੌਲਾ-ਰੱਪਾ ਅਤੇ ਕਾਫ਼ੀ ਭੀੜ-ਭੜੱਕਾ ਸੀ। ਕੁਝ ਬੱਚੇ ਖਿਡੌਣੇ ਖ਼ਰੀਦ ਰਹੇ ਸਨ ਅਤੇ ਕੁਝ ਝੂਟੇ ਲੈ ਰਹੇ ਸਨ। ਔਰਤਾਂ ਚੂੜੀਆਂ,ਬਿੰਦੀਆਂ ਆਦਿ ਸਮਾਨ ਖ਼ਰੀਦ ਰਹੀਆਂ ਸਨ। ਇੱਕ ਮਠਿਆਈ ਦੀ ਦੁਕਾਨ ਤੇ ਜਲੇਬੀਆਂ ਬਣ ਰਹੀਆਂ ਸਨ। ਅਸੀਂ ਸਾਰਿਆਂ ਨੇ ਗਰਮ-ਗਰਮ ਜਲੇਬੀਆਂ ਖਾਧੀਆਂ।
ਕੁਝ ਹੋਰ ਨਜ਼ਾਰੇ – ਬੱਚਿਆਂ ਨੂੰ ਪੰਘੂੜੇ ਝੂਟਦਿਆਂ ਦੇਖ ਕੇ ਸਾਡਾ ਮਨ ਵੀ ਪੰਘੂੜੇ ਝੂਟਣ ਲਈ ਕਰਨ ਲੱਗ ਪਿਆ ਸੀ। ਅਸੀਂ ਵੀ ਪੰਘੂੜੇ ਉੱਪਰ ਝੂਟੇ ਲਏ। ਜਾਦੂਗਰ ਆਪਣੇ ਖੇਲ ਦਿਖਾ ਰਿਹਾ ਸੀ। ਉਸ ਨੇ ਇੱਕ ਰੁਪਏ ਦਾ ਨੋਟ ਸਾੜ ਕੇ ਫਿਰ ਉਸੇ ਨੰਬਰ ਦਾ ਨੋਟ ਦੁਬਾਰਾ ਬਣਾ ਦਿੱਤਾ। ਫਿਰ ਉਸਨੇ ਤਾਸ਼ ਦੇ ਕਈ ਖੇਲ ਦਿਖਾਏ। ਇਨ੍ਹਾਂ ਨਜ਼ਾਰਿਆਂ ਨੂੰ ਦੇਖ ਕੇ ਧਨੀ ਰਾਮ ਚਾਤ੍ਰਿਕ ਦੀਆਂ ਵਿਸਾਖੀ ਦੇ ਮੇਲੇ ਦੇ ਦ੍ਰਿਸ਼ ਨੂੰ ਬਿਆਨ ਕਰਦੀਆਂ ਸਤਰਾਂ ਯਾਦ ਆਉਣ ਲੱਗੀਆਂ-
ਥਾਈਂ-ਥਾਈਂ ਖੇਡਾਂ ਤੇ ਪੰਘੂੜੇ ਆਏ ਨੇ, ਜੋਗੀਆਂ,ਮਦਾਰੀਆਂ,ਤਮਾਸ਼ੇ ਲਾਏ ਨੇ,ਵੰਝਲੀ,ਅਲਗੋਜ਼ਾ,ਕਾਟੋ,ਤੂੰਬਾ,ਵੱਜਦੇ, ਛਿੰਜ,ਵਿਚ ਸੂਰਜ ਪਹਿਲਵਾਨ ਗੱਜਦੇ,ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ,ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
ਭੰਗੜਾ ਤੇ ਮੈਚ – ਜੱਟ ਥਾਂ-ਥਾਂ 'ਤੇ ਸ਼ਰਾਬਾਂ ਪੀ ਰਹੇ ਸਨ ਤੇ ਭੰਗੜਾ ਪਾ ਰਹੇ ਸਨ। ਢੋਲੀ ਢੋਲਕ ਵਜਾ ਰਿਹਾ ਸੀ। ਸ਼ਾਮ ਪੈਣੀ ਸ਼ੁਰੂ ਹੋ ਗਈ ਸੀ। ਮੇਲੇ ਵਿੱਚ ਭੀੜ ਹੱਦ ਤੋਂ ਜ਼ਿਆਦਾ ਵਧ ਗਈ ਸੀ। ਇਕ ਪਾਸੇ ਦੰਗਲ ਹੋ ਰਿਹਾ ਸੀ ਤੇ ਇੱਕ ਪਾਸੇ ਕਬੱਡੀ ਦਾ ਮੈਚ ਖੇਡਿਆ ਜਾ ਰਿਹਾ ਸੀ। ਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ।
ਲੜਾਈ ਤੇ ਭਗਦੜ - ਸੂਰਜ ਛਿਪਣਾ ਸ਼ੁਰੂ ਹੋ ਗਿਆ ਸੀ। ਸਾਨੂੰ ਅਚਾਨਕ ਹੀ ਜ਼ੋਰ-ਜ਼ੋਰ ਦੀ ਬੋਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਦੇਖਣ 'ਤੇ ਪਤਾ ਲੱਗਾ ਕਿ ਦੋ ਆਦਮੀਆਂ ਦੀ ਆਪਸ ਵਿਚ ਲੜਾਈ ਹੋ ਰਹੀ ਸੀ। ਇਕ ਆਦਮੀ ਨੇ ਡਾਂਗ ਮਾਰ ਕੇ ਦੂਸਰੇ ਦਾ ਸਿਰ ਪਾੜ ਦਿੱਤਾ ਸੀ। ਅਸੀਂ ਜਲਦੀ ਨਾਲ਼ ਓਥੋਂ ਨਿਕਲਣ ਦੀ ਕੋਸ਼ਿਸ਼ ਕੀਤੀ।
ਘਰ ਵਾਪਸੀ - ਅਸੀਂ ਘਰ ਲਈ ਥੋੜ੍ਹੀਆਂ ਗਰਮ ਜਲੇਬੀਆਂ ਲਈਆਂ ਤੇ ਆਪਣੇ ਘਰ ਦਾ ਰਸਤਾ ਫੜ ਲਿਆ। ਸਾਨੂੰ ਘਰ ਪਹੁੰਚਦਿਆਂ ਹਨੇਰਾ ਹੋ ਗਿਆ ਸੀ।
ਸਾਰੰਸ਼ - ਮੇਲਾ ਤਾਂ ਅਸੀਂ ਵੇਖ ਲਿਆ ਪਰ ਮੇਲੇ ਵਿੱਚ ਉਹ ਰੂਹ ਨਜ਼ਰ ਨਹੀਂ ਆਈ ਜਿਸ ਦਾ ਜ਼ਿਕਰ ਸਾਡੇ ਲੇਖਕਾਂ ਨੇ ਕੀਤਾ ਹੈ ਜਾਂ ਸਾਡੇ ਬਜ਼ੁਰਗਾਂ ਨੇ ਕਹਾਣੀਆਂ ਸੁਣਾਈਆਂ ਹਨ। ਅਸੀਂ ਸਭ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਅਮੀਰ ਬਣਾਈਏ।