Best diwali essay in punjabi (ਲੇਖ: ਦਿਵਾਲੀ) | PDF Download

ਦਿਵਾਲੀ ਉੱਤੇ ਲੇਖ ਇਕ ਮਹੱਤਵਪੂਰਨ ਲੇਖ (diwali essay in punjabi) ਹੈ। ਦੀਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ। ਅੱਜ ਅਸੀਂ ਤੁਹਾਡੇ ਲਈ ਦਿਵਾਲੀ ਉੱਤੇ ਲੇਖ ਲਿਖ ਕੇ ਆਏ ਹਾਂ।


diwali essay in punjabi

ਜਾਣ ਪਛਾਣ -  ਦਿਵਾਲੀ ਸ਼ਬਦ ‘ਦੀਪਾਵਲੀ' ਤੋਂ ਬਣਿਆ ਹੈ। ‘ਦੀਪਾਵਲੀ’ ਦਾ ਅਰਥ ਹੈ, ਦੀਵਿਆਂ ਦੀ ਕਤਾਰ। ਕੱਤਕ ਦੀ ਮੱਸਿਆ ਦੀ ਘੁੱਪ ਹਨੇਰੀ ਰਾਤ ਨੂੰ ਅਣਗਿਣਤ ਦੀਵੇ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ, ਇਸ ਲਈ ਇਹ ਰੋਸ਼ਨੀ ਦਾ ਤਿਉਹਾਰ ਹੈ।  ਦਸਹਿਰੇ ਤੋਂ ਉੱਨੀ ਦਿਨ ਪਿੱਛੋਂ ਦਿਵਾਲੀ ਮਨਾਈ ਜਾਂਦੀ ਹੈ। ਤਦ ਤੱਕ ਸਰਦੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਸਾਉਣੀ ਦੀ ਫ਼ਸਲ ਵੀ ਘਰ ਆ ਜਾਂਦੀ ਹੈ। ਇਹ ਸਾਰੇ ਕਿਸਾਨਾਂ ਲਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ।  

ਇਤਿਹਾਸ - ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਣਬਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਸੁਆਗਤ ਵਿੱਚ ਦੀਪ-ਮਾਲਾ ਕੀਤੀ ਸੀ। ਸ੍ਰੀ ਗੁਰੂ ਹਰਿਗੋਬਿੰਦ ਜੀ ਵੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਅੰਮ੍ਰਿਤਸਰ ਇਸੇ ਦਿਨ ਪੁੱਜੇ ਸਨ। ਇਸ ਲਈ ਲੋਕਾਂ ਨੇ ਦੀਪ-ਮਾਲਾ ਕਰਕੇ ਖ਼ੁਸ਼ੀ ਮਨਾਈ ਸੀ।  

diwali essay

ਦਿਵਾਲੀ ਦੀ ਤਿਆਰੀ - ਦਿਵਾਲੀ ਨੂੰ ਮਨਾਉਣ ਦੀ ਤਿਆਰੀ ਦਿਵਾਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ । ਲੋਕ ਆਪਣੇ ਘਰਾਂ ਦੀ ਸਫ਼ਾਈ ਕਰਕੇ ਉਹਨਾਂ ਨੂੰ ਸਫ਼ੈਦੀ ਅਤੇ ਰੰਗ-ਰੋਗਨ ਨਾਲ ਸ਼ਿੰਗਾਰਦੇ ਹਨ। ਪਿੰਡਾਂ ਵਿੱਚ ਕੋਠਿਆਂ ਨੂੰ ਵੀ ਲਿੰਬ-ਪੋਚ ਕੇ ਸਜਾਇਆ ਜਾਂਦਾ ਹੈ। ਇਸ ਤਰ੍ਹਾਂ ਪਿੰਡ ਅਤੇ ਸ਼ਹਿਰ ਉੱਜਲੇ-ਉੱਜਲੇ ਜਾਪਣ ਲੱਗ ਪੈਂਦੇ ਹਨ।  ਦਿਵਾਲੀ ਦਾ ਤਿਉਹਾਰ ਵਪਾਰੀ ਵਰਗ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਦੁਕਾਨਦਾਰ ਇਸ ਦਿਨ ਜਿੱਥੇ ਨਵੇਂ ਵਹੀ-ਖਾਤੇ ਖੋਲ੍ਹਦੇ ਹਨ, ਉੱਥੇ ਉਹ ਆਪਣੀਆਂ ਦੁਕਾਨਾਂ ਨੂੰ ਕਈ ਢੰਗਾਂ ਨਾਲ ਸਜਾਉਂਦੇ ਵੀ ਹਨ। ਬਜ਼ਾਰਾਂ ਵਿੱਚ ਦੁਕਾਨਾਂ ਉੱਪਰ ਭਾਂਤ-ਭਾਂਤ ਦੇ ਸਮਾਨ ਦੀ ਨੁਮਾਇਸ਼ ਜਿਹੀ ਲੱਗੀ ਹੁੰਦੀ ਹੈ ਜਿਹੜੀ ਗਾਹਕਾਂ ਦਾ ਧਿਆਨ ਬਦੋ- ਬਦੀ ਆਪਣੇ ਵੱਲ ਖਿੱਚਦੀ ਹੈ।  

ਬਾਜ਼ਾਰ ਦੀ ਰੌਣਕਾਂ -  ਦਿਵਾਲੀ ਮਨਾਉਣ ਲਈ ਮਿਠਿਆਈ ਅਤੇ ਆਤਸ਼ਬਾਜ਼ੀ ਦਾ ਵਿਸ਼ੇਸ਼ ਪ੍ਰਯੋਗ ਹੁੰਦਾ ਹੈ। ਹਲਵਾਈ ਭਾਂਤ- ਭਾਂਤ ਦੀਆਂ ਮਿਠਿਆਈਆਂ ਬਣਾ ਕੇ ਕਈ ਦਿਨ ਪਹਿਲਾਂ ਹੀ ਆਪਣੀਆਂ ਦੁਕਾਨਾਂ ਨੂੰ ਸਜਾਉਣਾ ਸ਼ੁਰੂ ਕਰ ਦਿੰਦੇ ਹਨ। ਆਤਸ਼ਬਾਜ਼ੀ ਦਾ ਸਮਾਨ ਤਾਂ ਦੁਕਾਨਾਂ ਤੋਂ ਬਿਨਾਂ ਬਾਹਰ ਖੁੱਲ੍ਹੀਆਂ ਸੜਕਾਂ 'ਤੇ ਵੀ ਸਜਾਇਆ ਜਾਂਦਾ ਹੈ।  ਦਿਵਾਲੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ ਪਰ ਇਸ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ। ਲੋਕ ਬਜ਼ਾਰਾਂ ਵਿੱਚ ਮਿਠਿਆਈ, ਆਤਸ਼ਬਾਜ਼ੀ ਆਦਿ ਖ਼ਰੀਦਦੇ ਹਨ । ਕਈ ਆਪਣੇ ਸਨੇਹੀਆਂ ਨੂੰ ਮਿਠਿਆਈਆਂ ਦੇ ਡੱਬੇ ਭੇਟ ਕਰਕੇ ਸ਼ੁੱਭ-ਇੱਛਾਵਾਂ ਦਿੰਦੇ ਹਨ। ਕਈ ਥਾਂਵਾਂ 'ਤੇ ਵਿਸ਼ੇਸ਼ ਮੇਲੇ ਵੀ ਲੱਗਦੇ ਹਨ।

diwali essay in punjabi

ਪਟਾਕੇ ਅਤੇ ਰੌਸ਼ਨੀ - ਦਿਵਾਲੀ ਵਾਲੇ ਦਿਨ ਸ਼ਾਮ ਤੋਂ ਹੀ ਪਟਾਕਿਆਂ ਦੀ ਠਾਹ-ਠਾਹ ਸੁਣਾਈ ਦੇਣ ਲੱਗ ਪੈਂਦੀ ਹੈ। ਲੋਕ ਆਪਣੇ ਘਰਾਂ ਦੇ ਬਨੇਰਿਆਂ ਅਤੇ ਬੂਹਿਆਂ ਉੱਤੇ ਮੋਮਬੱਤੀਆਂ ਅਤੇ ਦੀਵੇ ਬਾਲਦੇ ਹਨ। ਕਈ ਲੋਕ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਜਗਾ ਕੇ ਦਿਵਾਲੀ ਦੀ ਰੋਸ਼ਨੀ ਕਰਦੇ ਹਨ। ਕੁਝ ਲੋਕ ਲੱਛਮੀ ਦੀ ਪੂਜਾ ਵੀ ਕਰਦੇ ਹਨ।  

diwali essay in punjabi

ਅੰਮ੍ਰਿਤਸਰ ਦੀ ਦਿਵਾਲੀ - ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਵਿੱਚ ਵਿਸ਼ੇਸ਼ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਤ ਨੂੰ ਹਰਿਮੰਦਰ ਸਾਹਿਬ ਅਤੇ ਇਸ ਦਾ ਸਰੋਵਰ ਵਿਚਲਾ ਜਗਮਗ ਕਰਦਾ ਅਕਸ ਮਨਮੋਹਣਾ ਦ੍ਰਿਸ਼ ਪੇਸ਼ ਕਰਦਾ ਹੈ। ਲੋਕ ਦੂਰ- ਦੁਰਾਡਿਓਂ ਇਸ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਇਸੇ ਲਈ ਲੋਕ ਕਹਿੰਦੇ ਹਨ:  

ਦਾਲ ਰੋਟੀ ਘਰ ਦੀ,
ਦਿਵਾਲੀ ਅੰਮ੍ਰਿਤਸਰ ਦੀ

ਸਾਫ ਸਫਾਈ - ਦਿਵਾਲੀ ਤੋਂ ਬਾਅਦ ਭਾਰਤ ਵਿੱਚ ਸਰਦੀ ਦੀ ਰੁੱਤ ਅਰੰਭ ਹੋ ਜਾਂਦੀ ਹੈ। ਲੋਕ ਬਾਹਰ ਸੌਣ ਦੀ ਬਜਾਏ ਅੰਦਰ ਸੌਂਣਾ ਸ਼ੁਰੂ ਕਰਦੇ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਘਰਾਂ ਦੀ ਸਫ਼ਾਈ ਚੰਗੀ ਤਰ੍ਹਾਂ ਕੀਤੀ ਜਾਵੇ। ਦਿਵਾਲੀ ਮਨਾਉਣ ਦੇ ਬਹਾਨੇ ਘਰਾਂ ਵਿੱਚ ਸਫ਼ੈਦੀ ਹੋ ਜਾਂਦੀ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਾਣੂਆਂ ਦਾ ਖ਼ਾਤਮਾ ਹੋ ਜਾਂਦਾ ਹੈ। ਕਹਿੰਦੇ ਹਨ ਕਿ ਦਿਵਾਲੀ 'ਤੇ ਕੀਤੀ ਜਾਂਦੀ ਰੋਸ਼ਨੀ ਨਾਲ ਵੀ ਕਈ ਬਿਮਾਰੀਆਂ ਦੇ ਕੀਟਾਣੂ ਮਰ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਦਿਵਾਲੀ ਦੇ ਮੌਕੇ 'ਤੇ ਚਲਾਏ ਜਾਂਦੇ ਪਟਾਕਿਆਂ ਦੀਆਂ ਅਵਾਜ਼ਾਂ ਨਾਲ ਸੱਪ ਵਰਗੇ ਜੀਵ ਵੀ ਡਰ ਕੇ ਵੱਸੋਂ ਤੋਂ ਦੂਰ ਚਲੇ ਜਾਂਦੇ ਹਨ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦਿਵਾਲੀ ਤੋਂ ਬਾਅਦ ਸੱਪ ਨਹੀਂ ਨਿਕਲਦੇ।

ਕੁਝ ਬੁਰੇ ਪ੍ਰਭਾਵ -ਦਿਵਾਲੀ ਨੂੰ ਕਈ ਲੋਕ ਠੀਕ ਢੰਗ ਨਾਲ ਨਹੀਂ ਮਨਾਉਂਦੇ। ਉਹ ਇਸ ਦਿਨ ਸ਼ਰਾਬ ਪੀਂਦੇ ਹਨ ਅਤੇ ਜੂਏ ਵਰਗੀਆਂ ਭੈੜੀਆਂ ਖੇਡਾਂ ਖੇਡਦੇ ਹਨ। ਕਈ ਵਾਰ ਲੜਾਈ-ਝਗੜੇ ਹੋ ਜਾਂਦੇ ਹਨ ਜਿਸ ਕਾਰਨ ਦਿਵਾਲੀ ਦੀ ਖ਼ੁਸ਼ੀ ਗ਼ਮੀ ਵਿੱਚ ਬਦਲ ਜਾਂਦੀ ਹੈ। ਬੇਪਰਵਾਹੀ ਨਾਲ ਚਲਾਈ ਆਤਸ਼ਬਾਜ਼ੀ ਕਾਰਨ ਕਈ ਵਾਰ ਅੱਗ ਲੱਗ ਜਾਂਦੀ ਹੈ। ਕਈ ਵਾਰੀ ਕਿਸੇ ਦਾ ਹੱਥ-ਮੂੰਹ ਵੀ ਸੜ ਜਾਂਦਾ ਹੈ। ਕਈ ਲੋਕ ਆਤਸ਼ਬਾਜ਼ੀ ਆਦਿ 'ਤੇ ਫ਼ਜ਼ੂਲ ਪੈਸਾ ਖ਼ਰਚ ਕਰਦੇ ਹਨ। ਕਈ ਵਾਧੂ ਦਿਖਾਵਾ ਕਰਨ ਲਈ ਬਿਜਲੀ ਬਹੁਤ ਬਾਲਦੇ ਹਨ ਜਿਸ ਕਾਰਨ ਕੌਮੀ ਨੁਕਸਾਨ ਵੀ ਹੁੰਦਾ ਹੈ।

ਚੰਗਾ ਸੁਨੇਹਾ - ਦਿਵਾਲੀ ਦਾ ਤਿਉਹਾਰ ਆਪਸੀ ਭਾਈਚਾਰਿਕ ਸਾਂਝ ਵਧਾਉਣ ਵਿੱਚ ਬੜਾ ਸਹਾਇਕ ਹੋ ਸਕਦਾ ਹੈ। ਇਸ ਦਿਨ ਆਪਸੀ ਵਿਤਕਰੇ ਭੁੱਲ ਕੇ ਹਰ ਇੱਕ ਨਾਲ ਮੇਲ-ਮਿਲਾਪ ਕਰਨਾ ਚਾਹੀਦਾ ਹੈ। ਆਤਸ਼ਬਾਜ਼ੀ ਅਤੇ ਮਿਠਿਆਈ ਉੱਪਰ ਫ਼ਜ਼ੂਲ ਪੈਸਾ ਖ਼ਰਚ ਕਰਨ ਦੀ ਬਜਾਏ ਅਜਿਹੇ ਮਨੋਰਥਾਂ ਲਈ ਖ਼ਰਚ ਕਰਨਾ ਚਾਹੀਦਾ ਹੈ ਜਿਸ ਨਾਲ ਬਹੁਤੇ ਲੋਕਾਂ ਦਾ ਭਲਾ ਹੋਵੇ।

diwali essay in punjabi