Pollution essay in punjabi language | ਲੇਖ: ਪ੍ਰਦੂਸ਼ਣ ਦੀ ਸਮੱਸਿਆ
ਅੱਜ ਦੀ ਪੋਸਟ ਵਿੱਚ ਅਸੀਂ ਤੁਹਾਡੇ ਲਈ ਪ੍ਰਦੂਸ਼ਣ ਦੀ ਸਮੱਸਿਆ ਉਤੇ ਲੇਖ (pollution essay in punjabi language) ਪੰਜਾਬੀ ਵਿੱਚ ਲੈ ਕੇ ਆਏ ਹਾਂ। ਆਓ ਸ਼ੁਰੂ ਕਰੀਏ!
ਜਾਣ-ਪਛਾਣ - ਪ੍ਰਦੂਸ਼ਣ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਸਮੱਸਿਆ ਹੈ। ਜਦੋਂ ਤੱਕ ਅਬਾਦੀ ਘੱਟ ਸੀ ਅਤੇ ਕੁਦਰਤੀ ਸੋਮੇ ਬਹੁਤੇ ਸਨ, ਉਦੋਂ ਤੱਕ ਪ੍ਰਦੂਸ਼ਣ ਦੀ ਕੋਈ ਸਮੱਸਿਆ ਨਹੀਂ ਸੀ। ਵਧਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਵਧ ਗਈ। ਲੋੜਾਂ ਦੀ ਪੂਰਤੀ ਲਈ ਵੱਡੇ-ਵੱਡੇ ਕਾਰਖ਼ਾਨੇ ਲਾਏ ਗਏ। ਇਹਨਾਂ ਤੋਂ ਪੈਦਾ ਹੋਣ ਵਾਲੇ ਬੇਅੰਤ ਧੂੰਏਂ ਅਤੇ ਹੋਰ ਰਹਿੰਦ-ਖੂੰਹਦ ਨਾਲ ਵਾਤਾਵਰਨ ਪਲੀਤ ਹੋਣ ਲੱਗਿਆ। ਦੂਜੇ ਪਾਸੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖਾਂ ਨੇ ਜੰਗਲਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਹਵਾ ਨੂੰ ਸਾਫ਼ ਕਰਨ ਵਾਲੇ ਰੁੱਖਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ। ਨਤੀਜੇ ਵਜੋਂ ਸਮੁੱਚੇ ਵਾਤਾਵਰਨ ਵਿੱਚ ਇੱਕ ਅਸੰਤੁਲਨ ਪੈਦਾ ਹੋ ਗਿਆ। ਇਸ ਨਾਲ ਪ੍ਰਕਿਰਤਿਕ ਵਾਤਾਵਰਨ ਵਿੱਚ ਬਹੁਤ ਸਾਰੇ ਅਣਚਾਹੇ ਕਾਰਕ ਆ ਗਏ ਜਿਨ੍ਹਾਂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋਣ ਲੱਗਿਆ। ਪ੍ਰਦੂਸ਼ਣ ਪੈਦਾ ਕਰਨ ਵਾਲੇ ਇਹਨਾਂ ਕਾਰਕਾਂ ਨੂੰ ਪ੍ਰਦੂਸ਼ਕ ਕਿਹਾ ਜਾਂਦਾ ਹੈ।
ਪ੍ਰਦੂਸ਼ਣ ਦੀਆਂ ਵਿਸਮਾਂ - ਸਮੁੱਚੇ ਵਾਤਾਵਰਨ ਦੇ ਅਧਿਐਨ ਦੇ ਆਧਾਰ ਉੱਤੇ ਪਾਣੀ, ਹਵਾ, ਭੂਮੀ ਅਤੇ ਸ਼ੋਰ-ਪ੍ਰਦੂਸ਼ਣ ਮੁੱਖ ਮੰਨੇ ਜਾਂਦੇ ਹਨ। ਪਾਣੀ-ਪ੍ਰਦੂਸ਼ਣ ਦੀ ਸਥਿਤੀ ਜ਼ਿਆਦਾ ਭਿਆਨਕ ਹੈ। ਵੱਡੇ-ਵੱਡੇ ਕਾਰਖ਼ਾਨਿਆਂ ਵਿੱਚੋਂ ਰਹਿੰਦ-ਖੂੰਹਦ ਵਜੋਂ ਪੈਦਾ ਹੋਣ ਵਾਲੇ ਰਸਾਇਣਿਕ ਪਦਾਰਥ, ਸ਼ਹਿਰਾਂ ਦਾ ਕੂੜਾ, ਗੰਦਗੀ ਅਤੇ ਕੱਪੜੇ ਧੋਣ ਲਈ ਵਰਤੇ ਜਾਂਦੇ ਡਿਟਰਜੈਂਟ ਪਾਊਡਰਾਂ ਆਦਿ ਸਭ ਨੇ ਸਾਡੇ ਪਾਣੀ ਦੇ ਸੋਮਿਆਂ, ਜਿਵੇਂ; ਨਦੀਆਂ, ਝੀਲਾਂ, ਸਮੁੰਦਰਾਂ ਅਤੇ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ। ਗੰਦੇ ਪਾਣੀ ਕਾਰਨ ਪਾਣੀ ਵਿੱਚ ਰਹਿਣ ਵਾਲੇ ਜਾਨਵਰਾਂ ਦੀ ਹੋਂਦ ਖ਼ਤਰੇ ਵਿੱਚ ਪਈ ਹੋਈ ਹੈ। ਗੰਦੇ ਪਾਣੀ ਨਾਲ ਮਨੁੱਖਾਂ ਵਿੱਚ ਹੈਜ਼ਾ, ਮਿਆਦੀ ਬੁਖ਼ਾਰ ਅਤੇ ਦਸਤ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਪਾਣੀ ਵਿੱਚ ਯੂਰੇਨੀਅਮ ਵਰਗੇ ਤੱਤਾਂ ਦੀ ਜ਼ਿਆਦਾ ਮਾਤਰਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।
( ਹਵਾ ਪ੍ਰਦੂਸ਼ਣ )
ਹਵਾ ਪ੍ਰਦੂਸ਼ਣ ਦੇ ਕਾਰਣ - ਹਵਾ ਸਾਡੇ ਵਾਤਾਵਰਨ ਦਾ ਅਹਿਮ ਤੱਤ ਹੈ ਜਿਹੜੀ ਸਾਰੇ ਜੀਵ-ਜਗਤ ਨੂੰ ਜਿਊਂਦਾ ਰੱਖਣ ਲਈ ਜ਼ਰੂਰੀ ਹੈ, ਇਹ ਵੀ ਪ੍ਰਦੂਸ਼ਿਤ ਹੋ ਰਹੀ ਹੈ। ਸਾਡੇ ਵਾਤਾਵਰਨ ਵਿੱਚ ਕਾਰਬਨ-ਡਾਇਆਕਸਾਈਡ ਦੀ ਮਾਤਰਾ ਬਹੁਤ ਵਧ ਗਈ ਹੈ। ਕੋਲਾ, ਪਟਰੋਲ, ਡੀਜ਼ਲ ਅਤੇ ਹੋਰ ਬਾਲਣਾਂ ਦੀ ਵਧ ਰਹੀ ਵਰਤੋਂ ਇਸ ਦਾ ਪ੍ਰਮੁੱਖ ਕਾਰਨ ਹੈ। ਕਾਰਖ਼ਾਨਿਆਂ ਅਤੇ ਮੋਟਰ-ਗੱਡੀਆਂ ਤੋਂ ਪੈਦਾ ਹੋਣ ਵਾਲ਼ਾ ਜ਼ਹਿਰੀਲਾ ਧੂੰਆਂ ਹਵਾ-ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ । ਸਰਕਾਰ ਦੁਆਰਾ ਪਾਬੰਦੀ ਲਾਏ ਜਾਣ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਨਾੜ ਨੂੰ ਅੱਗ ਲਾਈ ਜਾਂਦੀ ਹੈ ਜਿਸ ਨਾਲ ਪੈਦਾ ਹੋਇਆ ਮਣਾਂ-ਮੂੰਹੀਂ ਧੂੰਆਂ ਹਵਾ ਨੂੰ ਹੋਰ ਗੰਧਲਾ ਕਰਦਾ ਹੈ। ਫ਼ਰਿੱਜ ਅਤੇ ਏ. ਸੀ. ਆਦਿ ਵਿੱਚੋਂ ਨਿਕਲਨ ਵਾਲੇ ਕਲੋਰੋਫਲੋਰੋ ਕਾਰਬਨ, ਓਜ਼ੋਨ-ਪਰਤ ਲਈ ਘਾਤਕ ਹਨ ਅਤੇ ਇਹਨਾਂ ਨਾਲ ਓਜ਼ੋਨ-ਪਰਤ ਵਿੱਚ ਛੇਕ ਹੋ ਰਹੇ ਹਨ। ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਧ ਰਹੀ ਹੈ ਜਿਸ ਨਾਲ ਗਲੇਸ਼ੀਅਰ ਪੱਘਰ ਰਹੇ ਹਨ ਅਤੇ ਸਮੁੰਦਰੀ ਪਾਣੀਆਂ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ। ਹਵਾ-ਪ੍ਰਦੂਸ਼ਣ ਕਾਰਨ ਸਾਹ-ਕਿਰਿਆ ਨਾਲ ਸੰਬੰਧਿਤ ਬਿਮਾਰੀਆਂ ਵਧ ਰਹੀਆਂ ਹਨ।
( ਭੂਮੀ ਅਤੇ ਪਾਣੀ ਪ੍ਰਦੂਸ਼ਣ )
ਭੂਮੀ ਅਤੇ ਪਾਣੀ ਪ੍ਰਦੂਸ਼ਣ ਦੇ ਕਾਰਣ- ਖੇਤੀ-ਬਾੜੀ ਵਿੱਚ ਕੀਟ-ਨਾਸ਼ਿਕਾਂ ਅਤੇ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਭੂਮੀ ਅਤੇ ਪਾਣੀ-ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ। ਇਸ ਨਾਲ ਜਿੱਥੇ ਮਿੱਟੀ ਦੇ ਤੱਤਾਂ ਵਿਚਲਾ ਸੰਤੁਲਨ ਖ਼ਰਾਬ ਹੁੰਦਾ ਹੈ, ਉੱਥੇ ਫਲਾਂ, ਸਬਜ਼ੀਆਂ ਅਤੇ ਅਨਾਜਾਂ ਉੱਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਦੇ ਫਲ, ਸਬਜ਼ੀਆਂ ਅਤੇ ਅਨਾਜ ਦੀ ਵਰਤੋਂ ਕਰਨ ਨਾਲ ਜੀਵਿਤ ਪ੍ਰਾਣੀਆਂ ਵਿੱਚ ਕਈ ਕਿਸਮ ਦੇ ਰੋਗ ਪੈਦਾ ਹੋ ਰਹੇ ਹਨ।
( ਧੁਨੀ-ਪ੍ਰਦੂਸ਼ਣ )
ਧੁਨੀ-ਪ੍ਰਦੂਸ਼ਣ ਦੇ ਕਾਰਣ - ਸ਼ੋਰ-ਪ੍ਰਦੂਸ਼ਣ ਜਾਂ ਧੁਨੀ-ਪ੍ਰਦੂਸ਼ਣ ਵੀ ਇੱਕ ਗੰਭੀਰ ਸਮੱਸਿਆ ਬਣ ਰਿਹਾ ਹੈ। ਮੋਟਰਾਂ-ਗੱਡੀਆਂ ਦੇ ਕੰਨ- ਪਾੜਵੇਂ ਹਾਰਨ, ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਉੱਚੀ ਅਵਾਜ਼ ਵਿੱਚ ਚੱਲਣ ਵਾਲੇ ਡੀ. ਜੇ. ਆਦਿ ਨੇ ਮਨੁੱਖ ਦਾ ਜਿਊਂਣਾ ਦੁੱਭਰ ਕਰ ਦਿੱਤਾ ਹੈ। ਰਹਾਇਸ਼ੀ ਇਲਾਕਿਆਂ ਦੇ ਨੇੜੇ ਦੇ ਕਾਰਖ਼ਾਨਿਆਂ ਵਿੱਚੋਂ ਆਉਣ ਵਾਲੀਆਂ ਅਵਾਜ਼ਾਂ ਵੀ ਸ਼ੋਰ-ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਇਹ ਪ੍ਰਦੂਸ਼ਣ ਤਣਾਅ, ਸਿਰਦਰਦ, ਅਨੀਂਦਰਾ, ਖ਼ੂਨ ਦਾ ਦਬਾਅ ਵਧਣ ਅਤੇ ਕੰਨਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਮਨੁੱਖ ਦੁਆਰਾ ਸਾਧਨਾਂ ਦੀ ਦੁਰਵਰਤੋਂ - ਆਪਣੇ ਸੁੱਖ ਲਈ ਮਨੁੱਖ ਵਰਤਣ ਉਪਰੰਤ ਸੁੱਟ ਦੇਣ ਵਾਲੀਆਂ ਵਸਤਾਂ ਦੀ ਵਰਤੋਂ ਜ਼ਿਆਦਾ ਕਰਨ ਲੱਗਿਆ ਹੈ। ਵਿਭਿੰਨ ਸਮਾਗਮਾਂ ਵਿੱਚ ਵਰਤ ਕੇ ਸੁੱਟਣ ਵਾਲੀਆਂ ਕੌਲੀਆਂ, ਪਲੇਟਾਂ, ਗਲਾਸ ਅਤੇ ਚਮਚਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖ਼ਰਾਬ ਚੀਜ਼ਾਂ ਦੀ ਮੁਰੰਮਤ ਕਰਵਾਉਣ ਦੀ ਥਾਂ ਨਵੀਂਆਂ ਚੀਜ਼ਾਂ ਖ਼ਰੀਦਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਡੇ ਅਜਿਹੇ ਕੰਮਾਂ ਨਾਲ ਧਰਤੀ ਇੱਕ ਵੱਡੇ ਕਬਾੜਖ਼ਾਨੇ ਦਾ ਰੂਪ ਧਾਰਨ ਕਰ ਰਹੀ ਹੈ। ਸਾਨੂੰ ਆਪਣੀਆਂ ਲੋੜਾਂ ਨੂੰ ਸੀਮਿਤ ਰੱਖਣਾ ਚਾਹੀਦਾ ਹੈ। ਦੁਬਾਰਾ ਵਰਤਣਯੋਗ ਚੀਜ਼ਾਂ ਨੂੰ ਵਰਤਣਾ ਚਾਹੀਦਾ ਹੈ ਅਤੇ ਖ਼ਰਾਬ ਚੀਜ਼ਾਂ ਨੂੰ ਸੁੱਟ ਕੇ ਨਵੀਂ ਖ਼ਰੀਦਣ ਦੀ ਥਾਂ ਪੁਰਾਣੀ ਚੀਜ਼ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।
ਵਾਤਾਵਰਣ ਪ੍ਰਤੀ ਮਨੁੱਖੀ ਫਰਜ - ਧਰਤੀ ਅਤੇ ਇਸ ਦਾ ਜੀਵਨ-ਅਨੁਕੂਲ ਵਾਤਾਵਰਨ ਕੁਦਰਤ ਦਾ ਅਨਮੋਲ ਖ਼ਜ਼ਾਨਾ ਹੈ। ਮਨੁੱਖ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣੇ ਸ੍ਵਾਰਥ ਲਈ ਤਰੱਕੀ ਦੇ ਨਾਂ ’ਤੇ ਇਸ ਨਾਲ ਖਿਲਵਾੜ ਕਰੇ। ਆਪਣੀ ਮਾਂ ਧਰਤੀ ਦੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਸਾਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਦਾਰਥਿਕ ਵਸਤਾਂ ਨਾਲੋਂ ਜ਼ਿਆਦਾ ਸਾਫ਼ ਵਾਤਾਵਰਨ ਦੀ ਲੋੜ ਵਧੇਰੇ ਹੈ। ਉਂਝ ਤਾਂ 5 ਜੂਨ ਦਾ ਦਿਨ ਹਰ ਸਾਲ ਵਾਤਾਵਰਨ-ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਰ ਅੱਜ ਪ੍ਰਦੂਸ਼ਣ ਦੀ ਸਮੱਸਿਆ ਏਨੀ ਭਿਆਨਕ ਹੋ ਗਈ ਹੈ ਕਿ ਸਾਡਾ ਹਰ ਪਲ ਵਾਤਾਵਰਨ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਆਪਣਾ ਹਰ ਕਰਮ ਕਰਨ ਤੋਂ ਪਹਿਲਾਂ ਸਾਨੂੰ ਵਾਤਾਵਰਨ ਬਾਰੇ ਸੋਚਣਾ ਚਾਹੀਦਾ ਹੈ। ਜਾਗਰੂਕ ਹੋ ਕੇ ਕੰਮ ਕਰਨ ਨਾਲ ਹੀ ਇਹ ਸਮੱਸਿਆ ਦੂਰ ਹੋ ਸਕਦੀ ਹੈ।
ਵਾਤਾਵਰਣ ਪ੍ਰਤੀ ਜਾਗਰੂਕਤਾ - ‘ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ' ਵਾਤਾਵਰਨ ਦੀ ਸੰਭਾਲ ਅਤੇ ਵਧ ਰਹੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਮੋਟਰਾਂ-ਗੱਡੀਆਂ ਦਾ ਪ੍ਰਦੂਸ਼ਣ ਚੈੱਕ ਕਰਵਾ ਕੇ ਸਰਟੀਫ਼ਿਕੇਟ ਲੈਣਾ ਵੀ ਜ਼ਰੂਰੀ ਹੈ। ਭਗਤ ਪੂਰਨ ਸਿੰਘ ਪਿੰਗਲਵਾੜਾ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਪ੍ਰਤਿ ਜਾਗਰੂਕਤਾ ਪੈਦਾ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਵਾਤਾਵਰਨ ਦੀ ਸੰਭਾਲ ਲਈ ਅਤੇ ਲੋਕਾਂ ਵਿੱਚ ਵਾਤਾਵਰਨ ਸੰਬੰਧੀ ਚੇਤਨਾ ਪੈਦਾ ਕਰਨ ਲਈ ਬਹੁਤ ਸਰਗਰਮੀ ਨਾਲ ਕੰਮ ਕਰ ਰਹੇ ਹਨ। ‘ਕਾਲੀ ਵੇਈਂ' ਦੀ ਵੱਡੇ ਪੱਧਰ ਉੱਤੇ ਸਫ਼ਾਈ ਕਰਵਾ ਕੇ ਆਪ ਨੇ ਬਹੁਤ ਹੀ ਪ੍ਰਸੰਸਾਯੋਗ ਕੰਮ ਕੀਤਾ ਹੈ। ਅਜਿਹੀਆਂ ਸ਼ਖ਼ਸੀਅਤਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਅਤੇ ਪ੍ਰਦੂਸ਼ਣ ਘੱਟ ਕਰਨ ਵਿੱਚ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।