Ki Puchhde O Haal Fakiran Da lyrics in punjabi | Shiv Kumar Batalvi

Ki Puchhdio Haal Fakiran Da By: Shiv Kumar Batalvi (ਕੀ ਪੁੱਛਦਿਉ ਹਾਲ ਫ਼ਕੀਰਾਂ ਦਾ, ਸਾਡਾ ਨਦੀਓਂ ਵਿਛੜੇ ਨੀਰਾਂ ਦਾ)


ਸ਼ਿਵ ਕੁਮਾਰ ਬਟਾਲਵੀ (1936–1973) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ 1947 ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ।
ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ)।

Ki Puchhde O Haal Fakiran Da lyrics in punjabi

ਕੀ ਪੁੱਛਦਿਉ ਹਾਲ ਫ਼ਕੀਰਾਂ ਦਾ

ਸਾਡਾ ਨਦੀਓਂ ਵਿਛੜੇ ਨੀਰਾਂ ਦਾ

ਸਾਡਾ ਹੰਝ ਦੀ ਜੂਨੇ ਆਇਆਂ ਦਾ

ਸਾਡਾ ਦਿਲ ਜਲਿਆਂ ਦਿਲਗੀਰਾਂ ਦਾ

ਇਹ ਜਾਣਦਿਆਂ ਕੁਝ ਸ਼ੋਖ਼ ਜਹੇ

ਰੰਗਾਂ ਦਾ ਹੀ ਨਾਂ ਤਸਵੀਰਾਂ ਹੈ

ਜਦ ਹੱਟ ਗਏ ਅਸੀਂ ਇਸ਼ਕੇ ਦੀ

ਮੁੱਲ ਕਰ ਬੈਠੇ ਤਸਵੀਰਾਂ ਦਾ

ਸਾਨੂੰ ਲੱਖਾਂ ਦਾ ਤਨ ਲੱਭ ਗਿਆ

ਪਰ ਇਕ ਦਾ ਮਨ ਵੀ ਨਾ ਮਿਲਿਆ

ਕਿਆ ਲਿਖਿਆ ਕਿਸੇ ਮੁਕੱਦਰ ਸੀ

ਹੱਥਾਂ ਦੀਆਂ ਚਾਰ ਲਕੀਰਾਂ ਦਾ

ਤਕਦੀਰ ਤਾਂ ਆਪਣੀ ਸੌਂਕਣ ਸੀ

ਤਦਬੀਰਾਂ ਸਾਥੋਂ ਨਾ ਹੋਈਆਂ

ਨਾ ਝੰਗ ਛੁੱਟਿਆ ਨਾ ਕੰਨ ਪਾਟੇ

ਝੁੰਡ ਲੰਘ ਗਿਆ ਇੰਜ ਹੀਰਾਂ ਦਾ

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ

ਨਾਲੇ ਕਾਫ਼ਰ ਆਖ ਸਦੀਂਦੇ ਨੇ

ਮੈਂ ਦਰਦ ਨੂੰ ਕਾਅਬਾ ਕਹਿ ਬੈਠਾ

ਰੱਬ ਨਾਂ ਰੱਖ ਬੈਠਾ ਪੀੜਾਂ ਦਾ

ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ

ਕਈ ਵਾਰ ਉੱਚੀ ਬੋਲ ਪਿਆ

ਕੁਝ ਮਾਣ ਸੀ ਸਾਨੂੰ ਇਸ਼ਕੇ ਦਾ

ਕੁਝ ਦਾਅਵਾ ਵੀ ਸੀ ਪੀੜਾਂ ਦਾ

ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ

ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ

ਇਹ ਲੋਕਾਂ 'ਤੇ ਛੱਡ ਦੇਈਏ

ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

ki puchde o haal fakiran da lyrics (ਕੀ ਪੁੱਛਦਿਉ ਹਾਲ ਫ਼ਕੀਰਾਂ ਦਾ) ਸ਼ਿਵ ਕੁਮਾਰ ਬਟਾਲਵੀ ਦਾ ਪ੍ਰਸਿੱਧ ਗੀਤ ਹੈ। ਉਹ ਰੁਮਾਂਟਿਕ ਕਵੀ ਸਨ। ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ। ਉਨ੍ਹਾਂ ਨੂੰ 1967 ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ। ਸ਼ਿਵ ਕੁਮਾਰ ਬਟਾਲਵੀ (Shiv Kumar Batalvi) ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ।