Shri guru nanak dev ji essay in punjabi (ਲੇਖ: ਸ੍ਰੀ ਗੂਰੁ ਨਾਨਕ ਦੇਵ ਜੀ)
ਅੱਜ ਦੀ ਪੋਸਟ ਵਿੱਚ ਅਸੀਂ ਤੁਹਾਡੇ ਲਈ ਗੁਰੂ ਨਾਨਕ ਦੇਵ ਜੀ ਲੇਖ (guru nanak dev ji essay in punjabi) ਪੰਜਾਬੀ ਵਿੱਚ ਲੈ ਕੇ ਆਏ ਹਾਂ। ਆਓ ਸ਼ੁਰੂ ਕਰੀਏ!
ਜਾਣ-ਪਛਾਣ: ਭਾਰਤ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ, ਭਗਤਾਂ ਦੀ ਧਰਤੀ ਹੈ। ਇਹਨਾਂ ਮਹਾਂਪੁਰਖਾਂ ਦਾ ਜੀਵਨ ਅਤੇ ਸਿੱਖਿਆ ਭਾਰਤ ਵਾਸੀਆਂ ਲਈ ਚਾਨਣ ਮੁਨਾਰੇ ਦਾ ਕੰਮ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਵੀ ਅਜਿਹੇ ਮਹਾਂਪੁਰਖਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਸਿੱਖ ਧਰਮ ਦੇ ਮੋਢੀ ਕਰਕੇ ਜਾਣਿਆ ਜਾਂਦਾ ਹੈ। ਗੁਰੂ ਜੀ ਮਾਨਵਤਾ ਲਈ ਕਲਿਆਣਕਾਰੀ ਕਦਰਾਂ-ਕੀਮਤਾਂ, ਸਾਂਝੀਵਾਲਤਾ, ਭਾਈਚਾਰਿਕ ਏਕਤਾ ਆਦਿ ਦੇ ਪ੍ਰਚਾਰਕ ਸਨ। ਇਸ ਲਈ ਸਾਰੇ ਭਾਰਤ ਵਾਸੀ ਉਹਨਾਂ ਦਾ ਸਤਿਕਾਰ ਕਰਦੇ ਹਨ।
ਜਨਮ ਅਤੇ ਮਾਤਾ-ਪਿਤਾ - ਗੁਰੂ ਜੀ ਦਾ ਜਨਮ 1469 ਈ. ਵਿੱਚ ਰਾਇ ਭੋਇ ਦੀ ਤਲਵੰਡੀ ਵਿੱਚ ਜਿਸਨੂੰ ਨਨਕਾਣਾ ਸਾਹਿਬ (ਹੁਣ ਪਾਕਿਸਤਾਨ ਵਿੱਚ) ਕਿਹਾ ਜਾਂਦਾ ਹੈ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਪਿੰਡ ਦੇ ਪਟਵਾਰੀ ਸਨ।
guru nanak dev ji essay in punjabi
ਗੁਰੂ ਜੀ ਦੇ ਜੀਵਨ ਨਾਲ਼ ਸੰਬੰਧਿਤ ਸਾਖੀਆਂ - ਉਹਨਾਂ ਦੇ ਬਚਪਨ ਬਾਰੇ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਹਨ। ਇਹਨਾਂ ਵਿੱਚ ਗੁਰੂ ਜੀ ਦਾ ਆਪਣੀ ਭੈਣ ਨਾਨਕੀ ਲਈ ਪਿਆਰ, ਮਾਤਾ ਤ੍ਰਿਪਤਾ ਜੀ ਦੀ ਮਮਤਾ, ਮਹਿਤਾ ਕਾਲੂ ਜੀ ਦਾ ਆਪਣੇ ਪੁੱਤਰ ਦੇ ਸਫ਼ਲ ਮੁਢਲੇ ਜੀਵਨ ਲਈ ਫ਼ਿਕਰ ਆਦਿ ਉਜਾਗਰ ਹੁੰਦੇ ਹਨ। ਇਹਨਾਂ ਤੋਂ ਇਲਾਵਾ ਗੁਰੂ ਜੀ ਦਾ ਗੰਭੀਰ ਸੁਭਾਅ, ਦੁਨੀਆਦਾਰੀ ਦੇ ਕੰਮਾਂ ਵੱਲੋਂ ਬੇਪਰਵਾਹੀ, ਆਪਣੇ ਮਿਸ਼ਨ ਲਈ ਲਗਨ ਅਤੇ ਰਸਮੀ ਸਿੱਖਿਆ ਗ੍ਰਹਿਣ ਕਰਨ ਦੀ ਥਾਂ ਸੱਚ ਨੂੰ ਜਾਣਨ ਦੀ ਚਾਹ ਪ੍ਰਗਟ ਹੁੰਦੀ ਹੈ। ਇਹਨਾਂ ਵਿੱਚੋਂ ਪਾਂਧੇ ਵਾਲੀ ਸਾਖੀ, ਮੱਝਾਂ ਚਾਰਨ ਵਾਲੀ ਸਾਖੀ, ਸੱਚਾ ਸੌਦਾ ਕਰਨ ਵਾਲੀ ਸਾਖੀ ਅਤੇ ਜਨੇਊ ਬਾਰੇ ਸਾਖੀਆਂ ਪ੍ਰਸਿੱਧ ਹਨ।
ਵਿਆਹ ਅਤੇ ਉਦਾਸੀਆਂ - ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਨਾਲ਼ ਹੋਇਆ। ਉਹਨਾਂ ਦੇ ਦੋ ਪੁੱਤਰ ਸਨ। ਗੁਰੂ ਜੀ ਨੇ ਆਪਣੀ ਜਵਾਨੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਮੋਦੀਖ਼ਾਨੇ ਵਿੱਚ ਨੌਕਰੀ ਕੀਤੀ ਪਰ ਉਹ ਆਪਣਾ ਸਮਾਂ ਇਹਨਾਂ ਸਧਾਰਨ ਕੰਮਾਂ ਵਿੱਚ ਹੀ ਨਹੀਂ ਸਨ ਲਾਉਣਾ ਚਾਹੁੰਦੇ। ਇਸ ਲਈ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਸੱਚ ਦੀ ਖੋਜ ਅਤੇ ਉਸ ਦੇ ਪ੍ਰਚਾਰ ਲਈ ਯਾਤਰਾਵਾਂ 'ਤੇ ਨਿਕਲ ਤੁਰੇ। ਉਹਨਾਂ ਦੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਯਾਤਰਾਵਾਂ ਵੇਲ਼ੇ ਦੀਆਂ ਉਹਨਾਂ ਦੀਆਂ ਕਈ ਸਾਖੀਆਂ ਪ੍ਰਚਲਿਤ ਹਨ, ਜਿਵੇਂ -ਸੱਜਣ ਠੱਗ, ਭਾਈ ਲਾਲੋ, ਕੌਡਾ ਰਾਖਸ਼, ਮੱਕੇ-ਮਦੀਨੇ ਅਤੇ ਹਰਿਦੁਆਰ ਨਾਲ਼ ਸੰਬੰਧਿਤ ਸਾਖੀਆਂ। ਇਹਨਾਂ ਤੋਂ ਗੁਰੂ ਜੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ।
ਇਹਨਾਂ ਯਾਤਰਾਵਾਂ ਦੌਰਾਨ ਉਹਨਾਂ ਦਾ ਸਾਥੀ ਆਮ ਤੌਰ 'ਤੇ ਮਰਦਾਨਾ ਹੁੰਦਾ ਸੀ। ਉਹ ਹਰ ਧਰਮ ਦੇ ਕੇਂਦਰਾਂ ਉੱਤੇ ਗਏ। ਉਹਨਾਂ ਧਰਮਾਂ ਦੇ ਮੁਖੀਆਂ ਨਾਲ਼ ਵਿਚਾਰ-ਵਟਾਂਦਰਾ ਕੀਤਾ। ਉਹ ਆਪਣੀ ਮਨੋਹਰ ਸ਼ਖ਼ਸੀਅਤ, ਵਿਸ਼ਾਲ ਗਿਆਨ ਅਤੇ ਤਰਕ ਨਾਲ਼ ਲੋਕਾਂ ਨੂੰ ਕੀਲ ਲੈਂਦੇ ਸਨ। ਉਹਨਾਂ ਨੇ ਧਰਮ ਦੇ ਉਸ ਰੂਪ ਦਾ ਖੰਡਨ ਕੀਤਾ ਜਿਹੜਾ ਮਨੁੱਖਤਾ ਲਈ ਲਾਹੇਵੰਦ ਨਹੀਂ ਸੀ। ਉਹਨਾਂ ਲਈ ਮੁੱਖ ਗੱਲ ਆਮ ਮਨੁੱਖ ਅਤੇ ਉਸ ਦਾ ਭਲਾ ਸੀ। ਇਸੇ ਕਰਕੇ ਉਹ ਆਪਣੀਆਂ ਉਦਾਸੀਆਂ ਸਮੇਂ ਕਿਰਤੀ ਲੋਕਾਂ ਦੇ ਘਰਾਂ ਵਿੱਚ ਰਹਿੰਦੇ ਅਤੇ ਉਹਨਾਂ ਨੂੰ ਉਪਦੇਸ਼ ਦਿੰਦੇ। ਉਹਨਾਂ ਨੇ ਨਿਡਰ ਹੋ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ।
ਅੰਤਲੀ ਅਵਸਥਾ ਦੌਰਾਨ - ਉਹਨਾਂ ਨੇ ਆਪਣੇ ਮੰਤਵ ਲਈ ਭਾਰਤ ਦੇ ਮੁੱਖ ਸਥਾਨਾਂ ਤੋਂ ਇਲਾਵਾ ਤਿੱਬਤ, ਲੰਕਾ, ਮੱਕਾ, ਬਗਦਾਦ, ਕੰਧਾਰ, ਕਾਬਲ, ਈਰਾਨ, ਬਲੋਚਿਸਤਾਨ ਆਦਿ ਦੀ ਯਾਤਰਾ ਕੀਤੀ। ਆਪਣੀ ਅੰਤਲੀ ਅਵਸਥਾ ਵਿੱਚ ਕਰਤਾਰਪੁਰ ਵਿਖੇ ਆ ਠਹਿਰੇ ਅਤੇ ਇੱਥੇ ਉਹਨਾਂ ਨੇ ਹੱਥੀਂ ਖੇਤੀ ਕੀਤੀ। ਇੱਥੇ ਹੀ ਉਹ ਜੋਤੀ-ਜੋਤ ਸਮਾਏ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਇੱਕ ਸਿੱਖ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੀ ਜੋ ਉਦੋਂ ਤੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ਼ ਜਾਏ ਗਏ।
ਇੱਕ ਮਹਾਨ ਸਮਾਜ-ਸੁਧਾਰਕ - ਗੁਰੂ ਜੀ ਇੱਕ ਮਹਾਨ ਸਮਾਜ-ਸੁਧਾਰਕ ਸਨ। ਉਹਨਾਂ ਨੇ ਦੱਬੇ-ਕੁਚਲ਼ੇ ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਈ। ਇਸਤਰੀ ਜਾਤੀ ਨਾਲ਼ ਕੀਤੇ ਜਾ ਰਹੇ ਵਿਤਕਰੇ ਦੇ ਖ਼ਿਲਾਫ਼ ਪ੍ਰਚਾਰ ਕੀਤਾ। ਉਹਨਾਂ ਨੇ ਬਹੁਤ ਸਾਰੀ ਬਾਣੀ ਰਚੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਹਨਾਂ ਦੀ ਬਾਣੀ ਵਿੱਚੋਂ ‘ਜਪੁਜੀ ਸਾਹਿਬ’ ਅਤੇ ‘ਆਸਾ ਦੀ ਵਾਰ’ ਹਰ ਰੋਜ਼ ਪੜ੍ਹੀਆਂ ਤੇ ਗਾਈਆਂ ਜਾਣ ਵਾਲ਼ੀਆਂ ਬਾਣੀਆਂ ਹਨ। ਜਦੋਂ ਗੁਰੂ ਜੀ ਬਾਣੀ ਉਚਾਰਦੇ ਸਨ ਤਾਂ ਭਾਈ ਮਰਦਾਨਾ ਉਹਨਾਂ ਨਾਲ਼ ਰਬਾਬ ਵਜਾਉਂਦਾ ਸੀ।
ਮਹਾਨ ਬਾਣੀ - ਉਹਨਾਂ ਦੀ ਬਾਣੀ ਵਿੱਚ ਰੱਬ ਦੇ ਕ੍ਰਿਪਾਲੂ, ਦਿਆਲੂ ਰੂਪ ਨੂੰ ਦਰਸਾਇਆ ਗਿਆ ਹੈ। ਕੁਦਰਤ ਦੀ ਸੁੰਦਰਤਾ ਨੂੰ ਚਿਤਰਿਆ ਗਿਆ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਉਸ ਸਮੇਂ ਪਸਰੇ ਅਨਿਆਂ, ਜ਼ੁਲਮ ਅਤੇ ਪਖੰਡ ਦਾ ਵਿਰੋਧ ਕੀਤਾ ਮਿਲਦਾ ਹੈ।
ਉਹਨਾਂ ਦੀ ਬਾਣੀ ਦੀਆਂ ਕਈ ਤੁਕਾਂ ਸਭ ਦੇ ਮੂੰਹਾਂ 'ਤੇ ਚੜ੍ਹੀਆਂ ਹੋਈਆਂ ਹਨ, ਜਿਵੇਂ –
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥
ਜਹ ਕਰਈ ਤਹ ਪੂਰੀ ਮਤਿ ਕਰਈ ਬਾਝਹੁ ਘਟੇ ਘਟਿ ॥
ਮਹਾਨ ਉਪਦੇਸ਼ - ਗੁਰੂ ਜੀ ਦਾ ਉਪਦੇਸ਼ ਕਿਸੇ ਇੱਕ ਫ਼ਿਰਕੇ ਦੇ ਲੋਕਾਂ ਲਈ ਨਹੀਂ ਸੀ ਸਗੋਂ ਸਭ ਲਈ ਸਾਂਝਾ ਸੀ। ਉਹਨਾਂ ਨੇ ਮਨੁੱਖ ਅਤੇ ਮਨੁੱਖ ਵਿਚਕਾਰ ਧਰਮ, ਜਾਤ-ਪਾਤ ਜਾਂ ਕਿਸੇ ਹੋਰ ਪ੍ਰਕਾਰ ਦੇ ਵਖਰੇਵੇਂ ਦੀ ਨਿਖੇਧੀ ਕੀਤੀ। ਗੁਰੂ ਜੀ ਦੀ ਸਿੱਖਿਆ ਨੂੰ ਅੱਗੇ ਨੌ ਗੁਰੂ ਸਾਹਿਬਾਂ ਨੇ ਪ੍ਰਚਾਰਿਆ ਅਤੇ ਸਮਾਜ ਵਿੱਚ ਲਾਗੂ ਕਰਨ ਦਾ ਯਤਨ ਕੀਤਾ। ਉਹਨਾਂ ਦੀ ਸਿੱਖਿਆ ਅੱਜ ਵੀ ਸਾਡੀ ਅਗਵਾਈ ਕਰਦੀ ਹੈ। ਇਸ ਤੋਂ ਵੀ ਵੱਧ ਸਾਰੇ ਦੇਸ ਦੀ ਅਖੰਡਤਾ ਕਾਇਮ ਰੱਖਣ ਲਈ ਉਹਨਾਂ ਦੀ ਸਿੱਖਿਆ ਦਾ ਬੜਾ ਮਹੱਤਵ ਹੈ।