Essay on good student in punjabi | An ideal Student

ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਲੇਖ ਚੰਗਾ ਵਿਦਿਆਰਥੀ (Essay on good student). ਇੱਕ ਚੰਗਾ ਵਿਦਿਆਰਥੀ (A good student) ਹੀ ਬਣ ਸਕਦੈ ਆਉਣ ਵਾਲੇ ਸਮੇਂ ਦਾ ਭਵਿੱਖ।


ਇੱਕ ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਸਖਤ ਮਿਹਨਤ ਲਗਨ ਨਾਲ ਵਿੱਦਿਆ ਹਾਸਲ ਕਰਕੇ ਆਪਣੇ ਟੀਚੇ ਮਿੱਥ ਕੇ ਮੰਜਿਲ ਦੀ ਪ੍ਰਾਪਤੀ ਵੱਲ ਵਧਦਾ ਹੈ। ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਦਾ ਹੈ। ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁੱਝ ਸਿੱਖਣਾ ਹੈ। ਇਹੀ ਉਮਰ ਸਿੱਖਣ ਦੀ ਹੁੰਦੀ ਹੈ । ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫਜੂਲ ਕੰਮਾਂ ਵਿਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ ਪੜ੍ਹਾਈ ਵੱਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ। ਇੱਕ ਚੰਗੇ ਵਿਦਿਆਰਥੀ ਨੂੰ ਆਪਣੇ ਮਾਪਿਆਂ ਤੇ ਅਧਿਆਪਕਾਂ ਪ੍ਰਤੀ ਆਪਣਾ ਵਿਹਾਰ, ਪਿਆਰ ਤੇ ਸਤਿਕਾਰ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਉਹੀ ਵਿਦਿਆਰਥੀ ਕਾਮਯਾਬ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਖਤ ਮਿਹਨਤ ਕੀਤੀ ਹੈ ਤੇ ਭਾਰਤ ਨੂੰ ਅਜਿਹੇ ਨਾਗਰਿਕਾਂ ਦੀ ਜਰੂਰਤ ਹੈ, ਜੋ ਆਪਣੀ ਮਿਹਨਤ ਨਾਲ ਦੇਸ਼ ਨੂੰ ਤਰੱਕੀ ਦੀ ਟੀਸੀ ’ਤੇ ਲੈ ਜਾਣ।

ਚੰਗਾ ਵਿਦਿਆਰਥੀ ਜਮਾਤ ਵਿਚ ਪੂਰੀ ਇਕਾਗਰਤਾ ਨਾਲ ਬੈਠਦਾ ਹੈ ਅਤੇ ਜੋ ਕੁਝ ਅਧਿਆਪਕ ਪੜ੍ਹਾਉਂਦੇ ਹਨ ਜਾਂ ਸਿਖਾਉਂਦੇ ਹਨ ਉਸ ਨੂੰ ਧਿਆਨ ਨਾਲ ਸੁਣਦਾ ਹੈ ਅਤੇ ਉਸ ਉੱਤੇ ਅਮਲ ਕਰਦਾ ਹੈ। ਚੰਗਾ ਵਿਦਿਆਰਥੀ ਜਮਾਤ ਵਿਚ ਰੌਲਾ ਨਹੀਂ ਪਾਉਂਦਾ, ਨਾ ਹੀ ਦੂਜੇ ਵਿਦਿਆਰਥੀਆਂ ਨਾਲ ਫਾਲਤੂ ਗੱਲਾਂ ਕਰਦਾ ਹੈ। ਜੇਕਰ ਜ਼ਰੂਰਤ ਪਵੇ ਤਾਂ ਅਧਿਆਪਕ ਕੋਲੋਂ ਆਗਿਆ ਲੈ ਕੇ ਗੱਲ-ਬਾਤ ਕਰਦਾ ਹੈ। 

ਚੰਗਾ ਵਿਦਿਆਰਥੀ ਮਿਹਨਤ ਕਰਦਾ ਹੈ। ਸਕੂਲ ਵਿਚ ਕਰਵਾਏ ਗਏ ਕੰਮ ਦਾ ਘਰ ਆ ਕੇ ਪੂਰੀ ਲਗਨ ਨਾਲ ਅਭਿਆਸ ਕਰਦਾ ਹੈ। ਕੀਤੀਆਂ ਗਈਆਂ ਗਲਤੀਆਂ ਨੂੰ ਅਧਿਆਪਕ ਦੀ ਮਦਦ ਨਾਲ ਸੁਧਾਰਨ ਦਾ ਜਤਨ ਕਰਦਾ ਹੈ।

ਚੰਗਾ ਵਿਦਿਆਰਥੀ ਸਹਿਣਸ਼ੀਲ ਹੁੰਦਾ ਹੈ। ਉਹ ਨਿੱਕੀ-ਨਿੱਕੀ ਗੱਲ ਉੱਤੇ ਆਪਣੇ ਸਾਥੀਆਂ ਨਾਲ ਇੱਟ-ਖੜਿੱਕਾ ਨਹੀਂ ਕਰਦਾ ਅਤੇ ਨਾ ਹੀ ਵਾਰ-ਵਾਰ ਸ਼ਿਕਾਇਤਾਂ ਲੈ ਕੇ ਅਧਿਆਪਕ ਕੋਲ ਜਾਂਦਾ ਹੈ। ਜੇਕਰ ਅਧਿਆਪਕ ਜਾਂ ਮਾਂ-ਬਾਪ ਕਿਸੇ ਗੱਲੋਂ ਝਿੜਕਣ ਤਾਂ ਨਿਮਰਤਾ ਨਾਲ ਸਿਰ ਝੁਕਾ ਦਿੰਦਾ ਹੈ ਅਤੇ ਅਧਿਆਪਕ ਅਤੇ ਮਾਪਿਆਂ ਦੇ ਝਿੜਕਣ ਦਾ ਬੁਰਾ ਨਹੀਂ ਮਨਾਉਂਦਾ ਸਗੋਂ ਸੋਚਦਾ ਹੈ ਕਿ ਮੇਰੇ ਭਲੇ ਲਈ ਹੀ ਮੈਨੂੰ ਡਾਂਟ ਪਈ ਹੈ।

ਚੰਗਾ ਵਿਦਿਆਰਥੀ ਸਕੂਲ ਦੇ ਹਰ ਨਿਯਮ ਦਾ ਪਾਲਣ ਕਰਦਾ ਹੈ। ਉਹ ਸਮੇਂ ਸਿਰ ਸਕੂਲ ਪਹੁੰਚਦਾ ਹੈ। ਬਿਨਾਂ ਕਾਰਨ ਸਕੂਲ ਆਉਣ ਵਿਚ ਦੇਰੀ ਨਹੀਂ ਕਰਦਾ। ਰੋਜ਼ ਸਾਫ਼-ਸੁਥਰੀ ਵਰਦੀ ਪਾ ਕੇ ਆਉਂਦਾ ਹੈ।

ਚੰਗਾ ਵਿਦਿਆਰਥੀ ਮਨ ਵਿਚ ਕੁਝ ਬਣ ਕੇ ਵਿਖਾਉਣ ਦਾ ਸੁਪਨਾ ਲੈਂਦਾ ਹੈ ਅਤੇ ਫਿਰ ਉਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਦਿਨ-ਰਾਤ ਇਕ ਕਰ ਦਿੰਦਾ ਹੈ। ਉਹ ਪੂਰੀ ਈਮਾਨਦਾਰੀ ਨਾਲ ਪੜ੍ਹ ਕੇ ਇਮਤਿਹਾਨ ਦਿੰਦਾ ਹੈ ਅਤੇ ਇਮਤਿਹਾਨਾਂ ਵਿਚ ਮੌਕਾ ਮਿਲਣ ਉੱਤੇ ਵੀ ਨਕਲ ਨਹੀਂ ਮਾਰਦਾ।

ਮਿੱਠਾ ਬੋਲਣਾ ਚੰਗੇ ਵਿਦਿਆਰਥੀ ਦਾ ਗੁਣ ਹੈ। ਚੰਗਾ ਵਿਦਿਆਰਥੀ ਸਿਰਫ਼ ਕਿਤਾਬੀ ਕੀੜਾ ਹੀ ਨਹੀਂ ਹੁੰਦਾ, ਉਹ ਆਪਣੇ ਵਿਹਲੇ ਸਮੇਂ ਵਿਚ ਖੇਡਾਂ ਖੇਡਦਾ ਹੈ, ਕਸਰਤ ਕਰਦਾ ਹੈ, ਅਖਬਾਰਾਂ ਪੜ੍ਹਦਾ ਹੈ। ਸਕੂਲ ਵਿਚ ਹੁੰਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦਾ ਹੈ ਅਤੇ ਘਰ ਵਿਚ ਲੋੜ ਪੈਣ ਉੱਤੇ ਮਾਤਾ-ਪਿਤਾ ਦੀ ਮਦਦ ਵੀ ਕਰਦਾ ਹੈ।

ਚੰਗਾ ਵਿਦਿਆਰਥੀ ਸਾਦਾ ਜੀਵਨ ਬਤੀਤ ਕਰਦਾ ਹੈ। ਉਹ ਹੋਛੇ ਫੈਸ਼ਨ ਨਹੀਂ ਕਰਦਾ। ਉਸ ਦਾ ਖਾਣ-ਪੀਣ ਸਾਦਾ ਅਤੇ ਪੌਸ਼ਟਿਕ ਹੁੰਦਾ ਹੈ। ਉਹ ਬਜ਼ਾਰ ਦੀਆਂ ਤਲੀਆਂ ਹੋਈਆਂ ਤੇ ਮਸਾਲੇਦਾਰ ਚੀਜਾਂ ਦੀ ਥਾਂ ਆਪਣੇ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਖਾਣਾ ਪਸੰਦ ਕਰਦਾ ਹੈ।

ਇੱਕ ਚੰਗਾ ਵਿਦਿਆਰਥੀ ਹੀ ਵੱਡਾ ਹੋ ਕੇ ਚੰਗਾ ਇਨਸਾਨ ਬਣਦਾ ਹੈ। ਜਿਹੜਾ ਵਿਦਿਆਰਥੀ ਉੱਪਰ ਲਿਖੇ ਗੁਣ ਅਪਣਾਵੇਗਾ, ਉਹ ਚੰਗਾ ਵਿਦਿਆਰਥੀ ਬਣ ਜਾਵੇਗਾ।